ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

11/23/2017
23.11.2017.

www.janchetna.net

ਹੱਕ, ਸੱਚ, ਨਿਆਂ ਅਧਾਰਤ ਸਮਾਜ ਲਈ

ਅਗਿਆਨਤਾ ਵਿਰੁੱਧ ਜਨ-ਜਾਗਰਣ ਅੰਦੋਲਨ

ਮਿਸ਼ਨ ਜਨਚੇਤਨਾ

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ

ਅਨਿਆਂ ਵਿਰੁੱਧ ਸੰਘਰਸ਼ ਦਾ ਐਲਾਨਨਾਮਾ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਮਤਿ ਜੀਵਨ ਜਾਚ ਦੀ ਉਸਾਰੀ ਕੀਤੀ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਮਨੁੱਖਤਾ ਦੇ ਕਲਿਆਣ ਲਈ ਕੁਰਬਾਨੀ, ਬਲੀਦਾਨ ਅਤੇ ਸ਼ਹਾਦਤ ਦਾ ਸੰਕਲਪ ਉਹਨਾਂ ਨੇ ਹੀ ਰੌਸ਼ਨ ਕੀਤਾ। ਆਪ ਨੇ ਸਿੱਖੀ ਮਾਰਗ 'ਤੇ ਚੱਲਣ ਲਈ ਕੁਰਬਾਨੀ ਦੀ ਸ਼ਰਤ ਨੂੰ ਆਪਣੀ ਬਾਣੀ ਅੰਦਰ ਇਸ ਤਰਾਂ ਬਿਆਨ ਕੀਤਾ।

ਜਉ ਤਉ ਪਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥

(ਗੁ.ਗ੍ੰ.ਸਾ.-ਅੰਕ 1412)

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਗੁਰਮਤਿ ਅੰਦਰ ਸ਼ਹੀਦੀ ਪਰੰਪਰਾ ਦਾ ਆਰੰਭ ਕਰ ਦਿੱਤਾ। ਪੰਜਵੇਂ ਪਾਤਸ਼ਾਹ ਵਲੋਂ ਦਿੱਤੀ ਸ਼ਹਾਦਤ ਦੀ ਲੜੀ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖੀ ਅੰਦਰ ਸ਼ਹੀਦੀ ਪਰੰਪਰਾ ਨੂੰ ਅੱਗੇ ਤੋਰਨ ਵਿਚ ਇੱਕ ਮੀਲ ਪੱਥਰ ਸਾਬਤ ਹੋਈ। ਇਸ ਉਪਰੰਤ ਹੱਕ-ਸੱਚ ਖਾਤਰ ਕੁਰਬਾਨੀਆਂ ਦੇਣ ਦੀ ਇੱਕ ਲੰਮੀ ਲੜੀ ਦਾ ਆਰੰਭ ਹੋਇਆ। ਉਸ ਸਮੇਂ ਤੋਂ ਹੁਣ ਤੀਕ ਲੱਖਾਂ ਹੀ ਸਿੱਖ ਤਲੀ 'ਤੇ ਸੀਸ ਰੱਖ ਕੌਮੀ ਅਣਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹਾਦਤ ਦਾ ਸਿਧਾਂਤ ਅਤੇ ਪਰੰਪਰਾ ਸਿੱਖ ਇਤਿਹਾਸ ਤੇ ਸਭਿਆਚਾਰ ਦੀ ਇਕ ਨਿਵੇਕਲੀ ਪਛਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ, ਇਹ ਨਿੱਡਰਤਾ ਦੀ ਨਿਸ਼ਾਨੀ ਹੈ, ਖੁੱਦਾਰੀ ਦਾ ਇਜ਼ਹਾਰ ਹੈ। ਸ਼ਹੀਦ, ਸਬਰ ਤੇ ਸਿਦਕ ਦਾ ਮੁਜੱਸਮਾ ਹੈ। 'ਸ਼ਹੀਦ' ਲਫਜ਼ ਦਾ ਅਧਾਰ ਸ਼ਾਹਦੀ, ਗਵਾਹੀ ਹੈ ਭਾਵ ਮਕਸਦ, ਨਿਸ਼ਾਨੇ ਵਾਸਤੇ ਦਰਿੜਤਾ ਨਾਲ ਖੜੇ ਹੋ ਕੇ ਮਿਸਾਲ ਬਣਨਾ ਹੈ। ਜ਼ੁਅਰਤ ਅਤੇ ਗੈਰਤ ਵਾਲੇ ਲੋਕ ਹੀ ਆਪਣੇ ਅਸੂਲ 'ਤੇ ਪਹਿਰਾ ਦਿੰਦੇ ਹਨ। ਸਿੱਖ ਕੌਮ ਦਲੇਰ, ਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸ਼ਹੀਦਾਂ, ਮੁਰੀਦਾਂ, ਹਠੀਆਂ ਤੇ ਤਪੀਆਂ ਦੀ ਕੌਮ ਹੈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਮਨੁੱਖ ਕਦਰਾਂ-ਕੀਮਤਾਂ ਤੇ ਸਿੱਖ ਪੰਥ ਦੀ ਮਰਯਾਦਾ ਨੂੰ ਜਿਊਂਦਿਆਂ ਰੱਖਣ ਵਾਲੀ ਵਿਚਾਰਧਾਰਕ ਭੂਮੀ ਨੂੰ ਬੰਜਰ ਹੋਣ ਤੋਂ ਬਚਾਇਆ। 'ਸ਼ਹਾਦਤ' ਨਿਆਂ, ਨੇਕੀ, ਹੱਕ,ਸੱਚ, ਸਹਿਜ, ਪਰੇਮ ਅਤੇ ਰੌਸ਼ਨੀ ਦੇ ਸੋਮੇ ਧਰਮ ਲਈ ਹੁੰਦੀ ਹੈ। ਨੌਵੇਂ ਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੀ ਵਿਚਾਰਧਾਰਾ ਅਤੇ ਅਮਲੀ ਵਰਤਾਰੇ ਨੂੰ ਸਿਖਰ 'ਤੇ ਪਹੁੰਚਾਇਆ। 'ਸਿਰੁ ਦੀਜੇ ਕਾਣਿ ਨ ਕੀਜੈ' ਦੇ ਵਿਚਾਰ ਨੂੰ ਧੁਰ ਰੂਹ ਤਕ ਅਪਣਾਇਆ। ਨੌਵੇਂ ਪਾਤਸ਼ਾਹ ਸੰਪੂਰਨ ਆਤਮ ਸਮਰਪਣ ਦਾ ਇਹ ਅਮਲ ਅਪਣਾ ਕੇ ਉਹ ਉਮਰ ਤੇ ਕਾਲ ਦੀ ਸੀਮਾ ਤੋਂ ਮੁਕਤ ਹੋ ਕੇ ਅਮਰ ਹੋ ਗਏ।

ਇਤਿਹਾਸ ਅਨੁਸਾਰ ਜਦੋਂ ਕਸ਼ਮੀਰ ਵਿੱਚੋਂ ਆਏ ਪੰਡਤਾਂ ਨੇ ਆਨੰਦਪੁਰ ਵਿਖੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰਗਜ਼ੇਬ ਦੀ ਹਕੂਮਤ ਵਲੋਂ ਜਬਰੀ ਧਰਮ ਤਬਦੀਲੀਆਂ ਅਤੇ ਦੁੱਖਾਂ ਦੀ ਲੰਮੀ ਦਾਸਤਾਨ ਸੁਣਾਈ ਤਾਂ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ ਕਿ ਕਿਸੇ ਮਹਾਨ ਪੁਰਖ ਦੇ ਬਲੀਦਾਨ ਨਾਲ ਹਕੂਮਤ ਦੇ ਅੱਤਿਆਚਾਰ ਰੁਕ ਜਾਣਗੇ ਤਾਂ ਉਥੇ ਖੜੇ ਬਾਲਕ ਗੋਬਿੰਦ ਰਾਇ ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ ਤੁਹਾਡੇ ਨਾਲੋਂ ਸਤਿ ਪੁਰਖ ਅਤੇ ਮਹਾਤਮ ਹੋਰ ਕੌਣ ਹੋ ਸਕਦਾ ਹੈ। ਇਸ ਤਰਾਂ ਦੇ ਭੋਲੇ ਪਰ ਦੂਰ-ਅੰਦੇਸ਼ੀ ਵਾਲੇ ਬਚਨ ਸੁਣ ਕੇ ਹੋਰ ਸਭ ਲੋਕ ਹੱਕੇ-ਬੱਕੇ ਰਹਿ ਗਏ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੋੜ ਗਈ ਆਪ ਨੇ ਬਾਲ ਗੋਬਿੰਦ ਰਾਇ ਨੂੰ ਬੜੇ ਪ੍ਤਾਪੀ ਅਤੇ ਸਮਰਥ ਸਮਝ ਕੇ ਛਾਤੀ ਨਾਲ ਲਗਾ ਲਿਆ ਅਤੇ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਦੇ ਧਰਮ ਦੀ ਰਖਵਾਲੀ ਲਈ ਭਰੋਸਾ ਦਿੱਤਾ।

ਸਿੱਖ ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਅਤੇ ਉਹਨਾਂ ਦੇ ਕੁਝ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ, ਉਦੋਂ ਔਰੰਗਜ਼ੇਬ ਹਿੰਦੂਸਤਾਨ ਦੇ ਸੂਬਾ ਸਰਹਿੰਦ ਵਲੋਂ ਪਠਾਣਾਂ ਦੀ ਬਗਾਵਤ ਰੋਕਣ ਦੇ ਸਿਲਸਿਲੇ ਵਿਚ ਕਾਹਲੀ-ਕਾਹਲੀ ਰਵਾਨਾ ਹੋ ਗਿਆ ਸੀ ਅਤੇ ਜਾਂਦੀ ਵਾਰੀ ਗੁਰੂ ਸਾਹਿਬ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ,ਆਪਣੇ ਤੋਂ ਬਾਅਦ ਉੱਚ ਅਹਿਲਕਾਰਾਂ ਨੂੰ ਸਮਝਾ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਉਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਆਰੰਭ ਕਰ ਦਿੱਤਾ। ਪਹਿਲਾਂ ਗੁਰੂ ਜੀ ਨਾਲ ਗਰਿਫ਼ਤਾਰ ਕੀਤੇ ਗਏ ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾਸ ਜੀ ਨੂੰ ਤਸੀਹੇ ਦਿੱਤੇ ਗਏ। ਗੁਰੂ ਸਾਹਿਬ ਦੀਆਂ  ਅੱਖਾਂ ਸਾਹਮਣੇ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ।

ਧੰਨ ਸਨ ਗੁਰੂ ਦੇ ਸਿਦਕੀ ਸਿੱਖ ਜਿਹਨਾਂ ਮੌਤ ਨੂੰ ਖੁਦ ਕਲਾਵੇ ਵਿਚ ਲਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ-ਫਾੜ ਕਰ ਦਿੱਤਾ ਗਿਆ। ਗੁਰੂ ਦੇ ਸਿੱਖ ਨੇ ਸੀ ਨਹੀਂ ਕੀਤੀ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹੀਦ ਹੋ ਗਿਆ। ਹਕੂਮਤ ਦੇ ਅਹਿਲਕਾਰ ਗੁਰੂ ਸਾਹਿਬ ਦਾ ਪ੍ਤੀਕਰਮ ਉਡੀਕਦੇ ਪਰ ਗੁਰੂ ਸਾਹਿਬ ਅਡੋਲ ਚਿੱਤ ਸਨ। ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀ ਵਿਚ ਸੁੱਟ ਕੇ ਉਬਾਲ ਦਿੱਤਾ, ਗੁਰੂ ਦੇ ਸਿੱਖ ਨੇ ਹਾਏ ਤੱਕ ਨਹੀਂ ਕੀਤੀ। ਹਕੂਮਤ ਹੁਣ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ ਕਿਉਂਕਿ ਉਸ ਦੇ ਕਈ ਵਾਰ ਖਾਲੀ ਹੋ ਗਏ ਸਨ ਅਤੇ ਇਹ ਦਰਿਸ਼ ਵੇਖ ਕੇ ਆਸ-ਪਾਸ ਦੇ ਲੋਕਾਂ ਦੇ ਦਿਲ ਹਿੱਲ ਗਏ ਸਨ ਪਰ ਗੁਰੂ ਸਾਹਿਬ ਅਡੋਲ ਸਨ।

ਹਕੂਮਤ ਦੇ ਜਲਾਦਾਂ ਨੇ ਭਾਈ ਸਤੀਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ। ਇਹ ਕਹਿਰ ਵੀ ਗੁਰੂ ਸਾਹਿਬ ਨੂੰ ਹਰਾ ਨਾ ਸਕਿਆ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀ ਦੀ ਹੱਦ ਕਰ ਦਿੱਤੀ ਸੀ। ਕਿਤਨੇ ਭਿਆਨਕ ਤੇ ਡਰਾਉਣੇ ਸੀਨ ਸਨ, ਜਿਸ ਦੀ ਕਲਪਨਾ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ ਪਰ ਗੁਰੂ ਦੇ ਸੱਚੇ ਸਿੱਖ ਜ਼ੁਲਮ ਸਹਿ ਕੇ ਵੀ ਸਿੱਖੀ ਦੇ ਰਸਤੇ ਤੋਂ ਭਟਕੇ ਨਹੀਂ। ਹਕੂਮਤ ਬੁਖਲਾ ਉੱਠੀ ਕਿਉਂਕਿ ਹਾਰ ਉਸ ਦੇ ਸਾਹਮਣੇ ਸੀ,ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।

ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਅਨਿਆਂ ਵਿਰੁੱਧ ਸੰਘਰਸ਼ ਦਾ ਐਲਾਨਨਾਮਾ ਹੈ, ਜਿਸ ਤੋਂ ਇਹ ਪਰੇਰਨਾ ਮਿਲਦੀ ਹੈ ਕਿ ਮਨੁੱਖਤਾ ਦੇ ਹੱਕਾਂ ਦੀ ਰਖਵਾਲੀ ਲਈ ਜੇ ਆਪਾ ਵੀ ਕੁਰਬਾਨ ਕਰਨਾ ਪਏ ਤਾਂ ਪਿੱਛੇ ਨਹੀਂ ਹਟਣਾ। ਗੁਰੂ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਕਹਿਣਾ ਯੋਗ ਹੋਏਗਾ ਕਿ ਆਪ ਜੀ ਦੀ ਸ਼ਹਾਦਤ ਮਨੁੱਖ ਨੂੰ ਨਿੱਜ-ਮੁਖੀ ਹੋਣ ਦੀ ਥਾਂ ਮਾਨਵ ਹਿਤਕਾਰੀ ਹੋਣ ਦਾ ਸੱਦਾ ਹੈ।

ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ

ਦਿੱਲੀ ਕਮੇਟੀ ਅੱਜ ਨਗਰ ਕੀਰਤਨ ਸਜਾਇਗੀ

ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੱਲ

ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਤੋਂ ਪਰਾਪਤ ਜਾਣਕਾਰੀ ਅਨੁਸਾਰ ਤਿਲਕ ਜੰਝੂ ਦੇ ਰੱਖਿਅਕ, ਹਿੰਦ ਦੀ ਚਾਦਰ  ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਜੁਗੋ-ਜੁਗ ਅਟੱਲ ਗੁਰੂ ਗ੍ੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਨਗਰ ਕੀਰਤਨ ਵੀਰਵਾਰ 23 ਨਵੰਬਰ 2017 ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਨਵੀਂ ਸੜਕ, ਚਾਵੜੀ ਬਾਜ਼ਾਰ, ਅਜਮੇਰੀ ਗੇਟ, ਪੁਲ ਪਹਾੜ ਗੰਜ, ਦੇਸ਼-ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ, ਪੰਚਕੁਈਆਂ ਰੋਡ, ਗੁਰਦੁਆਰਾ ਬੰਗਲਾ ਸਾਹਿਬ ਮਾਰਗ, ਬੰਗਲਾ ਸਵੀਟਸ, ਗੁਰਦੁਆਰਾ ਬੰਗਲਾ ਸਾਹਿਬ, ਤੋਂ ਹੁੰਦਾ ਹੋਇਆ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹੁੰਚੇਗਾ।

ਨਗਰ ਕੀਰਤਨ ਚ ਸ਼ਾਮਿਲ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਲਈ ਕਮੇਟੀ ਵੱਲੋਂ ਇਸ ਵਾਰ ਵੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਕਾਸ਼ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਵਾਂਗ ਕਮੇਟੀ ਦੀ ਵੈਬਸਾਈਟ ਡੀ.ਐਸ.ਜੀ.ਐਮ.ਸੀ.ਡਾਟ. ਇਨ ਤੇ ਖਾਸ ਪ੍ਬੰਧ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮ ਪ੍ਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਦੱਸਿਆ ਕਿ 3 ਨਵੰਬਰ 2017 ਨੂੰ ਸਜਾਏ ਗਏ ਨਗਰ ਕੀਰਤਨ ਦੌਰਾਨ ਕਮੇਟੀ ਦੀ ਵੈਬਸਾਈਟ ਤੇ ਲਗਭਗ 1.25 ਲੱਖ ਸੰਗਤਾਂ ਨੇ ਪਹੁੰਚ ਕੀਤੀ ਸੀ ਅਤੇ ਲਗਭਗ 7.5 ਲੱਖ ਵਾਰ ਸੰਗਤਾਂ ਵੱਲੋਂ ਪਾਲਕੀ ਸਾਹਿਬ ਦੀ ਲੋਕੇਸ਼ਨ ਜਾਣਨ ਦਾ ਅੰਕੜਾ ਵੈਬਸਾਈਟ ਦੇ ਟਰੈਫਿਕ ਟਰੇਂਡ ਤੋਂ ਪਰਾਪਤ ਹੋਇਆ ਹੈ। ਸ਼ਹੀਦੀ ਪੁਰਬ ਨੂੰ ਸੰਬੰਧਿਤ ਮੁਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 24 ਨਵੰਬਰ ਨੂੰ ਹੋਣ ਦੀ ਵੀ ਉਹਨਾਂ ਨੇ ਜਾਣਕਾਰੀ ਦਿੱਤੀ।

 

 

 
 

ਮਿਸ਼ਨ ਜਨਚੇਤਨਾ

ਅੰਦੋਲਨ ਤੇਜ ਕਰਨ ਦਾ

ਫੈਸਲਾ

ਹੱਕ, ਸੱਚ ਅਤੇ ਇਨਸਾਫ ਅਧਾਰਤ ਸਹਿਯੋਗੀ ਸਮਾਜ ਦੀ ਸੰਰਚਨਾ ਹਿਤ ਅਗਿਆਨਤਾ ਵਿਰੁੱਧ ਸਰਗਰਮ ਸੰਸਥਾ ਮਿਸ਼ਨ ਜਨਚੇਤਨਾ ਨੇ ਅੰਦੋਲਨ ਵਿਚ ਤੇਜੀ ਅਤੇ ਵਿਸ਼ਲਤਾ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੰਮਰਿਤਸਰ ਵਿਖੇ 16 ਅਕਤੂਬਰ ਦੇ ਦਿਨ ਹੋਏ ਅਠਾਰਵੇਂ ਸਾਲਾਨਾ ਸਮਾਗਮ ਵਿਚ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ।

ਪਹਿਲੇ ਮਤੇ ਵਿਚ ਕਿਹਾ ਗਿਆ ਹੈ ਕਿ ਮਿਸ਼ਨ ਦੀ ਵਿਚਾਰਧਾਰਾ ਸਪਸ਼ਟ ਹੋ ਜਾਣ ਪਿਛੋਂ  ਸੰਸਥਾ ਨੂੰ ਹੁਣ ਪ੍ਰਚਾਰ-ਪਸਾਰ ਵਲ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਸੱਤ ਸਾਲ ਤੋਂ ਮਿਸ਼ਨ ਦੀ ਵਿਚਾਰਧਾਰਾ ਨੂੰ ਸੋਸ਼ਲ ਮੀਡੀਆ ਵਿਚ ਲਗਾਤਾਰ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ ਹੈ, ਕਈ ਕੈਂਪ ਵੀ ਲਗੇ ਹਨ, ਵਿਚਾਰ ਵਟਾਂਦਰਾ ਵੀ ਹੋਇਆ ਹੈ। ਹੁਣ ਸੁੱਖੀ ਅਤੇ ਸੁਰੱਖਿਅਤ ਜੀਵਨ ਦੇ ਅਭਿਲਾਸ਼ੀਆਂ ਨੂੰ ਜਥੇਬੰਦ ਕਰਨ ਦੀ ਲੋੜ ਹੈ।

ਦੂਜਾ ਮਤਾ ਸਰਗਰਮੀਆਂ ਨੂੰ ਲੋਕਾਂ ਵਿਚ ਲਿਜਾਣ ਨਾਲ ਸਬੰਧਤ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਵਿਚਾਰਧਾਰਾ ਦੇ ਵਾਲ ਦੀ ਖੱਲ ਲਾਹੁਣ ਦੀ ਥਾਂ ਇਸ ਨੂੰ ਜਨ-ਹਿੱਤ ਨਾਲ ਸਰਗਰਮੀਆਂ ਨਾਲ ਜੋੜਿਆ ਜਾਵੇ। ਥਾਂ ਥਾਂ ਮਿਸ਼ਨ ਜਨਚੇਤਨਾ ਦੇ ਕੈਂਪਸ ਬਣਾਏ ਜਾਣ ਅਤੇ  ਉਥੋਂ ਸਥਾਨਕ ਸ਼ਹਿਰੀਆਂ ਨੂੰ ਆਮ ਵਰਤੋਂ ਦੀਆਂ ਵਸਤਾਂ ਅਤੇ ਸੇਵਾਵਾਂ ਉਪਲਬੱਧ ਕਰਵਾਈਆਂ ਜਾਣ। ਸ਼ੁਰੂਆਤ ਅੰਮਰਿਤਸਰ ਵਿਖੇ ਆਮ ਸ਼ਹਿਰੀਆਂ ਦੀ ਪਹੁੰਚ ਵਿਚ ਹਸਪਤਾਲ ਖੋਹਲਣ ਤੋਂ ਕੀਤੇ ਜਾਣ ਤੋਂ ਕੀਤੀ ਜਾਵੇ।

ਤੀਜੇ ਮਤੇ ਵਿਚ ਪ੍ਰਚਾਰ ਨੂੰ ਹੋਰ ਸ਼ਕਤੀਸ਼ਾਲੀ ਬਨਾਉਣ ਲਈ ਪਰਿੰਟ ਮੀਡੀਆ ਸਥਾਪਤ ਕਰਨ ਉਤੇ ਜੋਰ ਦਿਤਾ ਗਿਆ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿਚ ਇਹ ਮਾਰਚ, 2018 ਤਕ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਕ ਹੋਰ ਮਤੇ ਵਿਚ ਹਰਿਭਜਨ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਾਊਂਡਰ ਵਜੋਂ ਸਾਰੇ ਅਧਿਕਾਰ ਆਪਣੇ ਹੱਥਾਂ ਵਿਚ ਲੈ ਲੈਣ ਅਤੇ ਮਿਸ਼ਨ ਜਨਚੇਤਨਾ ਦਾ ਨਾਂ ਕਿਸੇ ਨੂੰ ਵਰਤਨ ਦੀ ਆਗਿਆ ਨਾ ਦੇਣ। ਸਾਰੀਆਂ ਕਮੇਟੀਆਂ ਅਤੇ ਅਹੁੱਦੇ ਸਮਾਪਤ ਕਰ ਦਿਤੇ ਗਏ ਹਨ। ਮਿਸ਼ਨਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਾਰਾ ਕੰਮ ਮਿਸ਼ਨ ਦੇ ਨਾਂ ਉਤੇ ਕਰਨ। ਆਪਣੇ ਨਾਂ ਉਤੇ ਕੀਤਾ ਗਿਆ ਕੋਈ ਵੀ ਕਾਰਜ ਗੈਰਕਾਨੂੰਨੀ ਮੰਨਿਆ ਜਾਇਗਾ ਅਤੇ ਸੰਸਥਾ ਉਸ ਦੀ ਜਿਮੇਵਾਰੀ ਨਹੀਂ ਲਇਗੀ।